ਸੈਕਰਾਮੈਂਟੋ, 19 ਜੂਨ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੇ ਮੁਅੱਤਲ ਫੋਰਟ ਬੈਂਡ ਕਾਉਂਟੀ ਜੱਜ ਕੇ.ਪੀ. ਜਾਰਜ ਨੂੰ ਫੰਡਾਂ ਦੀ ਦੁਰਵਰਤੋਂ ਨਾਲ ਜੁੜੇ 2 ਸੰਗੀਨ ਹਵਾਲਾ ਰਾਸ਼ੀ ਮਾਮਲਿਆਂ ‘ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 180 ਦਿਨਾਂ ਦੀ ਕੈਦ ਤੇ ਪੰਜ ਸਾਲ ਪ੍ਰੋਬੇਸ਼ਨ ਸਜ਼ਾ ਸੁਣਾਈ ਗਈ ਹੈ| ਉਸ ਨੂੰ 5,000 ਡਾਲਰ ਜੁਰਮਾਨਾ ਵੀ ਦੇਣਾ ਪਵੇਗਾ, 200 ਘੰਟੇ ਕਮਿਊਨਿਟੀ ਸੇਵਾ ਕਰਨੀ ਪਵੇਗੀ ਤੇ ਇਕ ਚੋਰੀ ਵਿਰੋਧੀ ਪ੍ਰੋਗਰਾਮ ਨੂੰ ਪੂਰਾ ਕਰਨਾ ਪਵੇਗਾ| ਜੱਜ ਵਿਰੁੱਧ ਦੋਸ਼ ਲਗਾਏ ਗਏ ਸਨ ਕਿ ਉਸ ਨੇ ਮੁਹਿੰਮ ਫੰਡਾਂ ਨੂੰ ਨਿੱਜੀ ਖਾਤਿਆਂ ਵਿਚ ਤਬਦੀਲ ਕੀਤਾ ਅਤੇ ਬਾਅਦ ਵਿੱਚ ਉਨਾਂ ਫੰਡਾਂ ਨੂੰ ਨਿੱਜੀ ਖਰਚਿਆਂ ਲਈ ਵਰਤਿਆ ਗਿਆ, ਜਿਸ ‘ਚ ਘਰ ਡਾਊਨ ਪੇਮੈਂਟ ਅਤੇ ਪ੍ਰਾਪਰਟੀ ਟੈਕਸ ਭੁਗਤਾਨ ਸ਼ਾਮਲ ਹਨ| ਇਕ ਜਿਊਰੀ ਨੇ ਇਸ ਸਾਲ ਦੇ ਸ਼ੁਰੂ ਵਿਚ ਜਾਰਜ ਨੂੰ ਦੋਸ਼ੀ ਕਰਾਰ ਦਿੱਤਾ ਸੀ| ਅਪ੍ਰੈਲ 2025 ‘ਚ ਜਾਰਜ ਨੂੰ ਗ੍ਰਿਫਤਾਰ ਕੀਤਾ ਗਿਆ ਸੀ| ਉਸ ਸਮੇਂ, ਉਸ ਨੇ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਭਾਰਤ ਦੇ ਕੇਰਲਾ ਰਾਜ ਵਿੱਚ ਜਨਮੇ, ਜਾਰਜ ਵਿੱਤੀ ਯੋਜਨਾਬੰਦੀ ਵਿੱਚ ਕਰੀਅਰ ਬਣਾਉਣ ਤੋਂ ਬਾਅਦ ਜਨਤਕ ਸੇਵਾ ਵਿੱਚ ਦਾਖਲ ਹੋਏ| ਉਸ ਨੇ 2018 ਵਿੱਚ ਇਤਿਹਾਸ ਰਚਿਆ ਜਦੋਂ ਉਹ ਫੋਰਟ ਬੈਂਡ ਕਾਉਂਟੀ ਜੱਜ ਵਜੋਂ ਚੁਣੇ ਗਏ ਪਹਿਲੇ ਦੱਖਣੀ ਏਸ਼ੀਆਈ ਬਣੇ ਤੇ 2022 ਵਿੱਚ ਉਹ ਦੁਬਾਰਾ ਚੁਣੇ ਗਏ। ਜਾਰਜ ਨੂੰ ਅਪ੍ਰੈਲ ਵਿਚ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਜਾਰਜ ਨੇ ਕਿਹਾ ਹੈ ਕਿ ਉਹ ਫੈਸਲੇ ਨੂੰ ਚੁਣੌਤੀ ਦੇਵੇਗਾ।