ਲੰਡਨ, 27 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵੈਸਟ ਲੰਡਨ ਦੇ ਇੱਕ ਨਸ਼ਾ ਤਸਕਰ ਗੈਂਗ ਦੇ ਚਾਰ ਮੁੱਖ ਮੈਂਬਰਾਂ ਨੂੰ ਕੁੱਲ 25 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਅਨੁਸਾਰ ਇਸ ਗੈਂਗ ਨੇ ਕੁੱਲ 174,000 ਪੌਂਡ ਦੀ ਕੀਮਤ ਦੇ ਨਸ਼ੇ ਸਪਲਾਈ ਕੀਤੇ। ਇਸ ਮਾਮਲੇ ’ਚ ਪਰਸ਼ੋਤਮ ਢਿੱਲੋਂ ਨੂੰ 7 ਸਾਲ ਦੀ ਜੇਲ੍ਹ, ਹਰਦੀਪ ਥਿੰਦ ਨੂੰ 12 ਸਾਲ ਤੇ 6 ਮਹੀਨੇ ਦੀ ਜੇਲ੍ਹ, ਬਿਕਰਮਜੀਤ ਬਰਾੜ ਨੂੰ 3 ਸਾਲ ਤੇ 4 ਮਹੀਨੇ ਦੀ ਜੇਲ੍ਹ ਤੇ ਲੀਐਂਡਰੀਆ ਲਿੰਚ ਨੂੰ 2 ਸਾਲ ਅਤੇ 6 ਮਹੀਨੇ ਦੀ ਸਜ਼ਾ, ਜਿਸ ਨੂੰ ਉਨੇ ਹੀ ਸਮੇਂ ਲਈ ਮੁਅੱਤਲ ਰੱਖਿਆ ਗਿਆ ਹੈ। ਅਦਾਲਤ ’ਚ ਦੱਸਿਆ ਗਿਆ ਕਿ 59 ਸਾਲਾ ਪਰਸ਼ੋਤਮ ਢਿੱਲੋਂ, ਜੋ ਕਿ ਇੱਕ ਮੌਜੂਦਾ ਮੈਜਿਸਟਰੇਟ ਸੀ, ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਇਸ ਗੈਂਗ ਦੀ ਮਦਦ ਕੀਤੀ। 48 ਸਾਲਾ ਹਰਦੀਪ ਥਿੰਦ, ਜਿਸਨੂੰ ‘ਹੈਰੀ ਸਿੰਘ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਮੈਟਰੋਪੋਲੀਟਨ ਪੁਲਿਸ ਨੇ ਜਨਵਰੀ 2024 ਵਿੱਚ ਜਾਂਚ ਸ਼ੁਰੂ ਕਰਨ ਦੌਰਾਨ “ਹਾਦੀ” ਨਾਮਕ ਇਕ ਬਹੁਤ ਹੀ ਸਰਗਰਮ ਡਰੱਗ ਲਾਈਨ ਦੇ ਮੁੱਖ ਸਰਗਨਾ ਵਜੋਂ ਪਛਾਣਿਆ। ਜਦੋਂ ਉਸਦੀ ਪਛਾਣ ਹੋਈ, ਉਸ ਵੇਲੇ ਥਿੰਦ ਹੈਰੋਇਨ ਤੇ ਕੋਕੀਨ ਦੀ ਸਪਲਾਈ ਦੀ ਸਾਜ਼ਿਸ਼ ਰਚਣ ਤੇ ਇੱਕ ਪਾਬੰਦੀਸ਼ੁਦਾ ਆਟੋਮੈਟਿਕ ਹਥਿਆਰ ਰੱਖਣ ਦੇ ਜ਼ੁਰਮ ਵਿਚ 17 ਸਾਲ ਦੀ ਸਜ਼ਾ ਕੱਟ ਰਿਹਾ ਸੀ। ਉਹ ਇੱਕ ਖੁੱਲ੍ਹੀ ਜੇਲ੍ਹ ਵਿੱਚ ਬੰਦ ਸੀ, ਜਿੱਥੇ ਉਸ ਕੋਲ ਮੋਬਾਈਲ ਫੋਨ ਦੀ ਸਹੂਲਤ ਸੀ। ਉਸਨੇ ਜੇਲ੍ਹ ਦੇ ਅੰਦਰੋਂ ਹੀ ਇਕ ਬਰਨਰ ਫੋਨ ਦੀ ਵਰਤੋਂ ਕਰਕੇ ਇਸ ਡਰੱਗ ਨੈੱਟਵਰਕ ਨੂੰ ਚਲਾਇਆ। ਇਸ ਨੈੱਟਵਰਕ ਦੇ ਦੋ ਹੋਰ ਮੈਂਬਰ 46 ਸਾਲਾ ਬਿਕਰਮਜੀਤ ਬਰਾੜ ਤੇ 49 ਸਾਲਾ ਲੀਐਂਡਰੀਆ ਲਿੰਚ ਸਨ। ਨੇਸਟਲਜ਼ ਐਵੇਨਿਊ, ਹੇਜ਼ ਦੇ ਰਹਿਣ ਵਾਲੇ ਬਰਾੜ ਕੋਲ ਨਸ਼ੇ ਰੱਖਣ ਤੇ ਉਹਨਾਂ ਨੂੰ ਵੰਡਣ ਦੀ ਜ਼ਿੰਮੇਵਾਰੀ ਸੀ, ਜਦੋਂ ਕਿ ਡਾਵਲੇ ਰੋਡ, ਹੇਜ਼ ਵਾਸੀ ਲਿੰਚ ਨਸ਼ੇ ਪਹੁੰਚਾਉਣ ਵਾਲੀ ਵਜੋਂ ਕੰਮ ਕਰਦੀ ਸੀ, ਜੋ ਸਪਲਾਈ ਅਤੇ ਆਪਸੀ ਗੱਲਬਾਤ ਨੂੰ ਸੰਭਾਲਦੀ ਸੀ।